ਨਸ਼ੇ ਨਾਲ ਮਰੇ ਨੌਜਵਾਨ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਕੀਤਾ ਰੋਸ ਪ੍ਰਦਰਸ਼ਨਕਮਲ ਸ਼ਰਮਾ ਨੇ ਹਲਕਾ ਸਨੌਰ ਦਾ ਮਾਣ ਵਧਾਇਆਕਿਸਾਨ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ -ਡਿਪਟੀ ਕਮਿਸ਼ਨਰਅਸ਼ੀਸ਼ ਮਿਸ਼ਰਾ ਗ੍ਰਿਫਤਾਰ, ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਰਾਮਪੁਰਾ ਫੂਲ ਵਿਖੇ 75ਵਾਂ ਆਜਾਦੀ ਦਿਹਾੜਾ ਮਨਾਇਆਫਤਿਹ ਗਰੁੱਪ ਦੀ ਗੱਤਕਾ ਗੋਲਡ ਮੈਡਲ ਜੇਤੂ ਖਿਡਾਰਣ ਦਾ ਸ਼ਾਨਦਾਰ ਸਵਾਗਤਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਆਜਾਦੀ ਦਿਹਾੜਾ ਪਿੰਡ ਬੁਰਜ ਲੱਧਾ ਸਿੰਘ ਤੋਂ ਨੰਬਰਦਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿਚ ਹੋਰ ਨਵੀਂਆਂ ਸੇਵਾਵਾਂ ਦੀ ਸ਼ੁਰੂਆਤਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਤੇ ਇਕ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ
ਸੰਪਾਦਕੀ/ਲੇਖ

ਬਰਫੀ ਫ਼ਿਲਮ ਦੇ ਬਹਾਨੇ ਆਸਕਰ.ਇਤਿਹਾਸ ਅਤੇ ਮੌਲਿਕਤਾ ਦੇ ਸਵਾਲ

November 10, 2012 11:36 AM

ਹਰਪ੍ਰੀਤ ਸਿੰਘ ਕਾਹਲੋਂ

ਕਿਤੇ ਪੁਰਾਣਾ ਕਥਨ ਸੁਣਿਆ ਸੀ ਕਿ ਸੰਸਾਰ ਦਾ ਹਰ ਉਹ ਅੰਸ਼ ਉਦੋਂ ਤੱਕ ਖੁਬਸੂਰਤ ਲੱਗਦਾ ਹੈ ਜਦੋਂ ਤੱਕ ਉਹ ਰਾਜ਼ ਹੋਵੇ।ਸਾਹਮਣੇ ਵਾਲੇ ਬੰਦੇ ਦੇ ਮਨ ‘ਚ ਕੀ ਵਾਵਰੌਲੇ ਖਾਂਦਾ ਹੈ.ਜੋ ਕਿਤੇ ਲੁੱਕਿਆ ਹੈ.ਜੋ ਅਦਿੱਸ ਹੈ ਇਹੋ ਚਾਹ ਹੀ ਦੋ ਵਿਅਕਤੀਆਂ ਵਿਚਕਾਰ ਸੰਵਾਦ ਖੱੜ੍ਹਾ ਕਰਦੀ ਹੈ।ਉਸ ਰਹੱਸ ਨੂੰ ਲੱਭਣ ਦੀ ਤਲਾਸ਼ ਹੀ ਜ਼ਿੰਦਗੀ ਦੇ ਨਕਸ਼ ਤੈਅ ਕਰਦੀ ਹੈ।ਸੋ ਬਿਨਾਂ ਨੈਤਿਕ ਅਨੈਤਿਕ ਦੀ ਬਹਿਸ ‘ਚ ਪਿਆ ਚਰਚਾ ਬਰਫੀ ਫ਼ਿਲਮ ਦੇ ਅੰਦਾਜ਼ ਵਾਂਗ ਹੀ ਕਰਦੇ ਹਾਂ।
 
ਅਨੁਰਾਗ ਬਾਸੂ ਦੀ ਫ਼ਿਲਮ ‘ਬਰਫੀ’ ਬਾਰੇ ਚਰਚਾ ਹੈ ਕਿ ਸੰਸਾਰ ਦੇ ਹਰ ਸੰਚਾਰੀ ਕਥਾਨਕ ਉੱਤੇ ‘ਬਰਫ਼ੀ’ ਫ਼ਿਲਮ ਦੇ ਕਥਾ ਸ੍ਰੋਤ ਦੀ ਜਾਣਕਾਰੀ ਮਿਲਦੀ ਜਾ ਰਹੀ ਹੈ ਅਤੇ ਇਸ ਬਾਰੇ ਬਲਾਗ.ਫੇਸਬੁੱਕ ਤੋਂ ਲੈਕੇ ਟੈਲੀਵਿਜ਼ਨ ‘ਤੇ ਚਰਚਾ ਆਮ ਹੋ ਰਹੀ ਹੈ।ਇਸ ਸਭ ਦੇ ਹੁੰਦਿਆ ਇਸ ਪੱਖ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਬਰਫੀ ਦਾ ਤਸੱਵਰ ਕਹਾਣੀ ਜਾਂ ਉਸ ਦੇ ਨਕਲ ਕੀਤੇ ਸ੍ਰੋਤਾਂ ‘ਚ ਨਹੀਂ ਹੈ ਸਗੋਂ ਬਰਫੀ ਦਾ ਰੰਗ ਫ਼ਿਲਮ ‘ਚ ਪੇਸ਼ ਕੀਤੇ ਮਾਹੌਲ ‘ਚ ਹੈ।ਜਿਵੇਂ ਕਿ ਅਸੀ ਸਾਰੇ ਜਾਣ ਚੁੱਕੇ ਹਾਂ ਕਿ ਬਰਫੀ ਫ਼ਿਲਮ ਚਾਰਲੀ ਚੈਪਲਿਨ ਦੀ ਫ਼ਿਲਮ ‘ਦੀ ਐਂਡਵੇਂਚਰ’ ਤੋਂ ਲੈਕੇ ਫ਼ਿਲਮ ‘ਦੀ ਨੋਟਬੁੱਕ’ ਅਤੇ ਕੋਰੀਅਨ ਫ਼ਿਲਮ ਤੋਂ ਹੂ ਬੂ ਹੂ ਟਰੇਸ ਕੀਤੇ ਕੁਝ ਦ੍ਰਿਸ਼ਾਂ ਨਾਲ ਬੁਣੀ ਹੋਈ ਹੈ।ਜੇ ਅਸੀ ਇਹਨਾਂ ਨੁਕਤਿਆਂ ਨਾਲ ਹੀ ਬਰਫੀ ਨੂੰ ਨਕਾਰ ਦਿੰਦੇ ਹਾਂ ਤਾਂ ਇਹ ਸਹੀ ਨਹੀਂ ਹੋਵੇਗਾ।ਬਰਫ਼ੀ ਫ਼ਿਲਮ ਇਹਨਾਂ ਦ੍ਰਿਸ਼ਾਂ ਰਾਹੀਂ ਹੱਸਾ ਤਾਂ ਰਹੀ ਹੈ ਅਤੇ ਨਾਲ ਨਾਲ ਬਰਫੀ ਆਪਣਾ ਸੰਵਾਦ ਦਾਰਜਲਿੰਗ ਅਤੇ ਬੰਗਾਲ ਦੇ ਚਿਤਰਣ ‘ਚ ਹੀ ਖੱੜ੍ਹਾ ਕਰਦੀ ਹੈ।ਕਿਸੇ ਸ਼ਹਿਰ ਦੀ ਰੋਜ਼ਾਨਾ ਜ਼ਿੰਦਗੀ ਅਤੇ ਕਿਰਦਾਰਾਂ ‘ਚ ਇੱਛਾਵਾਂ ਅਤੇ ਖਵਾਇਸ਼ਾਂ ਦੇ ਸੈਲਾਬ.ਰਿਸ਼ਤਿਆਂ ਦੇ ਬਾਸੀ ਮਾਹੌਲ.ਮਾਲਕ ਅਤੇ ਨੌਕਰ ਦੇ ਰਿਸ਼ਤੇ ‘ਚ ਸਰਮਾਏਦਾਰੀ ਦਾ ਰੂਪ.ਪਦਾਰਥਵਾਦੀ ਸਿਰਜਣਾ ‘ਚ ਜੂਝਦੇ ਜਜ਼ਬਾਤ ਆਪਣੇ ਆਪ ‘ਚ ਮੌਲਿਕ ਸਿਰਜਣਾ ਹੈ।ਕਹਿਣ ਤੋਂ ਭਾਵ ਕਈ ਵਾਰ ਸਿਨੇਮਾ ਮੌਲਿਕਤਾ ਦੀ ਬਹਿਸ ਤੋਂ ਪਾਰ ਹੋਕੇ ਆਨੰਦ ਲੈਣ ਦਾ ਹੁੰਦਾ ਹੈ।ਇੱਥੇ ਇੱਕ ਉਦਾਹਰਨ ਦੇਣੀ ਬਣਦੀ ਹੈ ਵਿਦਿਆ ਬਾਲਨ ਦੀ ਫ਼ਿਲਮ ‘ਕਹਾਣੀ’ ਕਥਾ ਪੱਖੋਂ ਔਸਤ ਦਰਜੇ ਦੀ ਹੋਣ ਦੇ ਬਾਵਜੂਦ ਸ਼ਹਿਰ ਦੇ ਰੋਜ਼ਾਨਾ ਚਿਤਰਨ ਕਰਕੇ ਆਮ ਫ਼ਿਲਮ ਤੋਂ ਖਾਸ ਬਣ ਜਾਂਦੀ ਹੈ।ਫ਼ਿਲਮ ‘ਕਹਾਣੀ’ ‘ਚ ਵੀ ਮੌਲਿਕਤਾ ਦੇ ਲਿਹਾਜ਼ ‘ਚ ਕੁਝ ਵੀ ਅਸਲ ਨਹੀਂ ਹੈ।ਇਸ ਫ਼ਿਲਮ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਇਸ ਦੀ ਸ਼ੁਰੂਆਤ ਐਂਜਲੀਨਾ ਜੌਲੀ ਦੀ ਫ਼ਿਲਮ ‘ਏ ਮਾਇਟੀ ਹਾਰਟ’ ਤੋਂ ਚੁੱਕੀ ਹੈ.ਵਿਚਕਾਰ ਵਾਲਾ ਹਿੱਸਾ ਫ਼ਿਲਮ ‘ਦੀ ਯੂਸਅਲ ਸਸਪੈਕਟ’ ਦੀ ਤਰ੍ਹਾਂ ਚੱਲਦਾ ਹੈ ਅਤੇ ਅੰਤ 2004 ‘ਚ ਆਈ ਫ਼ਿਲਮ ਐਂਜਲੀਨਾ ਜੌਲੀ ਅਤੇ ਈਥਨ ਹਾਕ ਸਟਾਰਰ ‘ਟੇਕਿੰਗ ਲਾਈਵ’ ਦਾ ਹੂ ਬੂ ਹੂ ਤਰਜੁਮਾ ਹੈ।ਇਸ ਸਭ ਦੇ ਬਾਵਜੂਦ ਕੀ ‘ਕਹਾਣੀ’ ਫ਼ਿਲਮ ਨੂੰ ਅਸੀ ਨਾਪਸੰਦ ਕਰਦੇ ਹਾਂ? ਸੋ ਫ਼ਿਲਮ ਬਰਫੀ ਨੂੰ ਅਸੀ ਤਮਾਮ ਉਣਤਾਈਆਂ ‘ਚ ਵੀ ਪਿਆਰ ਕਰਨੋ ਨਹੀਂ ਰਹਿ ਸਕਦੇ।ਹੁਣ ਮਸਲਾ ਇਹ ਹੈ ਕਿ ਕੀ ਇਸ ਫ਼ਿਲਮ ਦਾ ਆਸਕਰ ‘ਚ ਜਾਣਾ ਕੀ ਸਹੀ ਫੈਸਲਾ ਸੀ? 
 
ਇਸ ਚਰਚਾ ‘ਚ ਸਾਨੂੰ ਇਹ ਵੀ ਵੇਖਣਾ ਪਵੇਗਾ ਕਿ ਸਾਡਾ ਸਵਾਲ ਇਸ ਲਈ ਅਹਿਮ ਹੈ ਕਿ ਇਹ ਵਿਦੇਸ਼ੀ ਫ਼ਿਲਮਾਂ ਦੀ ਨਕਲ ਨਾਲ ਬਣੀ ਫ਼ਿਲਮ ਹੈ ਜਾਂ ਅਸੀ ਪਿਛਲੀਆਂ ਆਸਕਰ ਲਈ  ਗਈਆਂ ਫ਼ਿਲਮਾਂ ਦੇ ਇਤਿਹਾਸ ਤੋਂ ਅਨਜਾਣ ਹਾਂ।ਗੌਰ ਕਰੋ 1957 ‘ਚ ਬਣੀ ਮਹਿਬੂਬ ਖ਼ਾਨ ਨਿਰਦੇਸ਼ਤ ਫ਼ਿਲਮ ‘ਮਦਰ ਇੰਡੀਆ’ ਜੋ ਕਿ ਆਸਕਰ ਨਾਮਜ਼ਦਗੀ ਦੀ ਭਾਰਤ ਦੀ ਪਹਿਲੀ ਫ਼ਿਲਮ ਸੀ ਅਤੇ ਉੱਚ ਵਿਦੇਸ਼ੀ ਭਾਸ਼ਾ ਦੀ ਸ਼੍ਰੇਣੀ ‘ਚ ਮੁੱਢਲੀਆਂ ਤਿੰਨ ਫ਼ਿਲਮਾਂ ਤੱਕ ਦਾ ਸਫ਼ਰ ਵੀ ਤੈਅ ਕਰਦੀ ਹੈ।ਇਹ ਫ਼ਿਲਮ ਮਹਿਬੂਬ ਖ਼ਾਨ ਦੀ 1940 ‘ਚ ਬਣਾਈ ਆਪਣੀ ਹੀ ਫ਼ਿਲਮ ‘ਔਰਤ’ ਦਾ ਰੀਮੇਕ ਸੀ।2002 ‘ਚ ਭਾਰਤ ਵੱਲੋਂ ਗਈ ਸੰਜੇ ਲੀਲਾ ਬੰਸਾਲੀ ਦੀ ਦੇਵਦਾਸ ਬਿਮਲ ਰਾਏ ਦੀ ਫ਼ਿਲਮ ਦੇਵਦਾਸ ਦਾ ਹੀ ਉਲਥਾ ਜਾਪਦੀ ਸੀ।2005 ‘ਚ ਆਸਕਰ ਲਈ ਨਾਮਜ਼ਦ ਫ਼ਿਲਮ ਅਮੋਲ ਪਾਲੇਕਰ ਨਿਰਦੇਸ਼ਤ ‘ਪਹੇਲੀ’ ਵਿਜੈਨਾਥ ਦੇਥਾ ਦੀ ਰਚਨਾ ਦੁਵਿੱਧਾ ਤੋਂ ਪ੍ਰੇਰਿਤ ਹੈ ਅਤੇ ਇਸ ਤੋਂ ਪਹਿਲਾਂ ਮਨੀ ਕੌਲ ਵੀ ਇਸੇ ਰਚਨਾ ‘ਤੇ ਇਸੇ ਨਾਮ ਦੀ ਫ਼ਿਲਮ ਦਾ ਨਿਰਮਾਣ ਕਰ ਚੁੱਕੇ ਹਨ।ਭਾਰਤ ਵੱਲੋਂ ਆਸਕਰ ਨਾਮਜ਼ਦਗੀ ਦੀ ਇੱਕ ਹੋਰ ਫ਼ਿਲਮ 1958 ‘ਚ ਆਈ ਬਿਮਲ ਰਾਏ ਦੀ ਫ਼ਿਲਮ ‘ਮਧੂਮਤੀ’ ਬਾਰੇ ਹਮੇਸ਼ਾ ਚਰਚਾ ਰਹੀ ਹੈ ਕਿ ਇਹ ਅਮਰੀਕਾ ਦੇ ਨੀਓ-ਨੋਇਰ ਸਿਨੇਮਾ ਦੀ ਫ਼ਿਲਮ ‘ਦੀ ਰੀਨਕਾਰਨੇਸ਼ਨ ਆਫ ਪੀਟਰ ਪਰਾਊਡ’ ਤੋਂ ਪ੍ਰਭਾਵਿਤ ਸੀ।ਇਸ ਫ਼ਿਲਮ ਦਾ ਪ੍ਰਭਾਵ ਹਿੰਦੀ ਫ਼ਿਲਮਾਂ ਬਹੁਤ ਜ਼ਿਆਦਾ ਰਿਹਾ ਹੈ।ਇਸੇ ਫ਼ਿਲਮ ਨੂੰ ਅਧਾਰ ਬਣਾਕੇ ਅੱਗੇ ਜਾਕੇ ਸੁਭਾਸ਼ ਘਈ ਨੇ ‘ਕਰਜ਼’ ਨਾਮ ਦੀ ਫ਼ਿਲਮ ਦਾ ਨਿਰਮਾਣ ਕੀਤਾ ਸੀ।ਫਰਕ ਸਿਰਫ ਇੰਨਾ ਸੀ ਕਿ ਮੂਲ ਫ਼ਿਲਮ ਦੇ ਅੰਤ ‘ਚ ਨਾਇਕਾ ਦੁਬਾਰਾ ਨਾਇਕ ਨੂੰ ਮਾਰ ਦਿੰਦੀ ਹੈ ਪਰ ਹਿੰਦੀ ਫ਼ਿਲਮ ‘ਚ ਨਾਇਕ ‘ਹੀਰੋ’ ਦੀ ਤਰ੍ਹਾਂ ਸਿਨੇਮਾ ਪਰਦੇ ‘ਤੇ ਬੁਰਾਈ ਦਾ ਪ੍ਰਤੀਕ ਹੀਰੋਇਨ ਦਾ ਅੰਤ ਕਰਦਾ ਹੈ।ਇਹ ਸਿਲਸਿਲਾ ਇਥੇ ਹੀ ਨਹੀਂ ਮੁੱਕਦਾ ਅਤੇ 2010 ‘ਚ ਆਸਕਰ ਲਈ ਨਾਮਜ਼ਦ ਹੋਈ ਫ਼ਿਲਮ ਅਨੁਸ਼ਾ ਰਿਜ਼ਵੀ ਨਿਰਦੇਸ਼ਤ ‘ਪੀਪਲੀ ਲਾਈਵ’ ਵੀ 1997 ਦੀ ਡਸਟਿਨ ਹੌਫਮੈਨ ਦੀ ਫ਼ਿਲਮ ‘ਮੈਡ ਸਿਟੀ’ ਦੀ ਨਕਲ ਮੰਨੀ ਜਾਂਦੀ ਰਹੀ ਹੈ।
 
ਇਸ ਸਭ ਦੇ ਬਾਵਜੂਦ ਇਹ ਕਹਿਣ ਤੋਂ ਉੱਕਾ ਸੰਕੋਚ ਨਹੀਂ ਕਿ ਫ਼ਿਲਮ ਬਰਫੀ ਆਸਕਰ ਲਈ ਨਾਮਜ਼ਦਗੀ ਦੀ ਸਹੀ ਦਾਵੇਦਾਰ ਨਹੀਂ ਹੈ।ਹੁਣ ਜਦੋਂ ਕਿ ਬਰਫੀ ਫ਼ਿਲਮ ਆਸਕਰ ਲਈ ਜਾ ਰਹੀ ਹੈ ਤਾਂ ਬਰਫੀ ਦੇ ਕਥਾ ਅੰਦਰਲੇ ਮਾਹੌਲ ਦੀ ਚਰਚਾ ਬਿਲਕੁਲ ਨਹੀਂ ਹੋਵੇਗੀ ਅਤੇ ਆਸਕਰ ਦੇ ਗਲਿਆਰਿਆਂ ‘ਚ ਇਸ ਫ਼ਿਲਮ ਅੰਦਰ ਦੂਜੀਆਂ ਫ਼ਿਲਮਾਂ ਦੇ ਵਰਤੇ ਗਏ ਦ੍ਰਿਸ਼ਾਂ ਦੀ ਹੀ ਚਰਚਾ ਜ਼ਿਆਦਾ ਹੋਵੇਗੀ।ਕੀ ਅਸੀ ਇਸ ਨੁਕਤੇ ਨੂੰ ਨਹੀਂ ਸਮਝ ਰਹੇ ਕਿ ਭਾਰਤ ਦੇ ਸਿਨੇਮਾ ਨੂੰ ਨਵੇਂ ਸੰਵਾਦ ਦੇ ਰੂਪ ‘ਚ ਸੰਸਾਰ ਸਾਹਮਣੇ ਪੇਸ਼ ਕਰਨ ਲਈ ਇਸ ਸਾਲ ਸਾਡੇ ਕੋਲ ਕੁਝ ਬੇਹਤਰੀਨ ਸ਼ਲਾਘਾਯੋਗ ਫ਼ਿਲਮਾਂ ਸਨ।ਇਹ ਫ਼ਿਲਮਾਂ ਗੁਰਵਿੰਦਰ ਸਿੰਘ ਨਿਰਦੇਸ਼ਤ ‘ਅੰਨ੍ਹੇ ਘੋੜੇ ਦਾ ਦਾਨ ਹੋ ਸਕਦੀ ਸੀ ਜਾਂ ਤਿਗਮਾਂਸ਼ੂ ਧੂਲੀਆ ਦੀ ਪਾਨ ਸਿੰਘ ਤੋਮਰ ਨੂੰ ਅਸੀ ਕਿਵੇਂ ਵਿਚਾਰ ਨਹੀਂ ਸਕੇ।ਕੀ ਦਿਬਾਕਰ ਬੈਨਰਜੀ ਦੀ ਫ਼ਿਲਮ ‘ਸ਼ੰਘਾਈ’ ਜਾਂ ਅਨੁਰਾਗ ਕਸ਼ਅਪ ਦੀ ਫ਼ਿਲਮ ‘ਗੈਂਗਸ ਆਫ ਵਾਸੇਪੁਰ’ ਸਹੀ ਚੋਣ ਨਹੀਂ ਸਨ ਹੋ ਸਕਦੀਆਂ? ਜਾਂ ਸ਼ੂਜੀਤ ਸਰਕਾਰ ਦੀ ਫ਼ਿਲਮ ‘ਵਿੱਕੀ ਡੋਨਰ’ ਸਾਨੂੰ ਮਹਿਜ਼ ਇੱਕ ਕਮੇਡੀ ਫ਼ਿਲਮ ਹੀ ਨਜ਼ਰ ਆ ਰਹੀ ਹੈ।
 
ਇਹਨਾਂ ਸਾਰੀਆਂ ਫ਼ਿਲਮਾਂ ‘ਚ ਇੱਕ ਸਾਂਝ ਹੈ ਕਿ ਇਹ ਭਾਰਤ ਦਾ ਫੀਲ ਗੁੱਡ ਫੈਕਟਰ ਨਹੀਂ ਬਿਆਨ ਕਰਦੀਆਂ।ਅੰਨ੍ਹੇ ਘੋੜੇ ਦਾ ਦਾਨ ਉਸ ਪੰਜਾਬ ਦੀ ਗੱਲ ਕਰਦੀ ਹੈ ਜੋ ਸਰੋਂ ਦੇ ਖੇਤਾਂ ‘ਚ ਲਹਿਰਾਉਂਦਾ ਕੇਸਰੀ ਰੰਗ ਨਹੀਂ ਹੈ ਅਤੇ ਭਾਰਤ ਦੀ ਨਾਸੂਰ ਬਣੀ ਹੋਈ ਜਾਤ ਬਰਾਦਰੀ ਦੀ ਇਕਾਈ ‘ਚ ਮਥਿਹਾਸ ਤੋਂ ਵਰਤਮਾਨ ਤੱਕ ਦਾ ਸਫਰ ਕਰਦੀ ਹੋਈ ਧ੍ਰੋਹ ਦੇ ਪਾਜ਼ ਉਧੇੜਦੀ ਹੈ।ਅੰਨ੍ਹੇ ਘੋੜੇ ਦਾ ਦਾਨ ਉਸ ਫਲਸਫੇ ਦੀ ਖੋਜ ਵੀ ਕਰਦੀ ਹੈ ਕਿ ਆਤਮਾ ਮਰਦੀ ਨਹੀਂ ਜੇ ਆਤਮਾ ਮਰਦੀ ਨਹੀਂ ਤਾਂ ਫਿਰ ਮੌਤ ਕੀ ਹੋਈ? ਇਹ ਫ਼ਿਲਮ ਹਮੇਸ਼ਾ ਖਾਸ ਰਹੇਗੀ ਕਿਉਂ ਕਿ ਇਹ ਆਮ ਬੰਦੇ ਦੀ ਖ਼ਾਮੋਸ਼ੀ ਓਹਲੇ ਬੈਠੀ ਅੱਗ ਨੂੰ ਬਿਆਨ ਕਰਦੀ ਹੈ।ਕੀ ਇਸ ਫ਼ਿਲਮ ਨੂੰ ਨਾਮਜ਼ਦ ਨਾ ਕਰਨ ਦੌਰਾਨ ਚੋਣਕਰਤਾ ਇਹ ਸੋਚ ਰਹੇ ਸੀ ਕਿ ਇਹ ਬਹੁਤ ਪੁਰਸਕਾਰਾਂ ‘ਚ ਜਾ ਆਈ ਹੈ ਸੋ ਇਸ ਨੂੰ ਆਸਕਰ ਲਈ ਅਰਾਮ ਦੇਵੋ।ਬਾਕੀ ਇਸ ਫ਼ਿਲਮ ਨੂੰ ਲੈਕੇ ਤਾਂ ਜੇ ਹੋਰ ਖੋਲ੍ਹਕੇ ਗੱਲ ਕੀਤੀ ਜਾਵੇ ਤਾਂ ਇਹ ਕਿਤੇ ਨਾ ਕਿਤੇ ਦੁਖਦਾਈ ਹੈ ਕਿ ਅੰਗਰੇਜ਼ੀ ਮੀਡੀਆ ਇਸ ਫ਼ਿਲਮ ਨੂੰ ਲੈਕੇ ਸੰਜੀਦਾ ਕਵਰ ਸਟੋਰੀਆਂ ਕਰਦਾ ਰਿਹਾ ਪਰ ਪੰਜਾਬੀ ਫ਼ਿਲਮ ਨੂੰ ਪੰਜਾਬੀ ਮੀਡੀਆ ਨੇ ਉਸ ਸੰਜੀਦਗੀ ਨਾਲ ਕਵਰ ਨਹੀਂ ਕੀਤਾ ਜਿੰਨਾ ਅੰਗਰੇਜ਼ੀ ਮੀਡੀਆ ਨੇ ਕੀਤਾ ਹੈ।ਸਿਰਫ ਪੰਜਾਬੀ ਟ੍ਰਿਬਿਊਨ ਅਜਿਹਾ ਅਖ਼ਬਾਰ ਸੀ ਜਿਹਨੇ ਇਸ ਫ਼ਿਲਮ ਨੂੰ ਸੰਪਾਦਕੀ ਪੇਜ਼ ਤੋਂ ਲੈਕੇ ਮੈਗਜ਼ੀਨ ਪੇਜ਼ ਤੱਕ ਵਿਚਾਰਿਆ।ਇਹ ਬਹੁਤ ਕੌੜਾ ਸੱਚ ਹੈ ਕਿ ਚੰਗੀ ਫ਼ਿਲਮ ਹੋਣ ਦੇ ਬਾਵਜੂਦ ਬਹੁਮਤ ਪੰਜਾਬੀਆਂ ਦਾ ਇਹਨੂੰ ਕੋਈ ਵਧੀਆ ਫ਼ਿਲਮ ਨਹੀਂ ਮੰਨਦਾ।
 
ਪਾਨ ਸਿੰਘ ਤੋਮਰ ਦੀ ਗੱਲ ਕਰੀਏ ਤਾਂ ਪੱਤਰਕਾਰ ਵੱਲੋਂ ਸ਼ੁਰੂਆਤੀ ਸੰਵਾਦ ਨਾਲ ਹੀ ਇਹ ਫ਼ਿਲਮ ਪੱਤਰਕਾਰ ਦੇ ਕਿਰਦਾਰ ਨੂੰ ਬਿਆਨ ਕਰਦੀ ਹੋਈ ਦਰਸ਼ਕਾਂ ਨੂੰ ਸ਼ੁਰੂਆਤ ‘ਚ ਹੀ ਆਪਣੇ ਕਲਾਵੇ ‘ਚ ਲੈ ਲੈਂਦੀ ਹੈ।ਜਦੋਂ ਪੱਤਰਕਾਰ ਪੂਰੀ ਤਿਆਰੀ ਕਰਕੇ ਪਹਿਲਾ ਸਵਾਲ ਪੁੱਛਦਾ ਹੈ।
ਆਪ ਡਾਕੂ ਕੈਸੇ ਬਣੇ?
ਜਵਾਬ ਮਿਲਦਾ ਹੈ ਕਿ ਤੂੰ ਪੂਰਾ ਪੱਤਰਕਾਰ ਹੈ ਜਾਂ ਅਜੇ ਟ੍ਰੇਨੀ ਹੀ ਚੱਲ ਰਿਹਾ ਹੈ।ਅਜਿਹੇ ਬਚਕਾਣੇ ਸਵਾਲਾਂ ਦੀ ਝੜੀ ਲਗਾਉਂਦੇ ਮੀਡੀਆ ਅੰਦਰ ਬਹੁਤ ਲੋਕ ਪੱਤਰਕਾਰੀ ਕਰ ਰਹੇ ਹਨ।ਖੈਰ ਪਾਨ ਸਿੰਘ ਤੋਮਰ ਦਾ ਅਸਲ ਮੁੱਦਾ ਹੈ ਕਿ ਫ਼ਿਲਮ ਸ਼ੁਰੂਆਤ ਤੋਂ ਹੀ ਨਹਿਰੂ ਆਦਰਸ਼ ਨਾਲ ਸਿੰਝੇ ਭਾਰਤ ਨਿਰਮਾਣ ਦੇ ਸੁਫ਼ਨੇ.ਅਜ਼ਾਦੀ ਤੋਂ ਬਾਅਦ ਦੇ ਏਜੰਡਿਆ ਦੀ ਅਸਫਲਤਾ ਅਤੇ ਸਿਸਟਮ ਤੋਂ ਬਾਗੀ ਹੋਣ ਦੇ ਕਾਰਨਾਂ ਅੰਦਰ ਪ੍ਰਸ਼ਾਸ਼ਨ.ਸਿਆਸਤ ਅਤੇ ਸਮਾਜ ਵਿਚਲੇ ਬੇਤਾਲੇਪਣ ਨੂੰ ਤਿੱਖੇ ਢੰਗ ਨਾਲ ਬਿਆਨ ਕਰਦੀ ਜਾਂਦੀ ਹੈ।ਫ਼ਿਲਮ ਵਿਚਲਾ ਪਾਨ ਸਿੰਘ ਤੋਮਰ ਨਾਮ ਦਾ ਕਿਰਦਾਰ ਆਪਣੇ ਦੁਸ਼ਮਨ ਨੂੰ ਮਾਰਕੇ ਵੀ ਇਹੋ ਕਹਿ ਰਿਹਾ ਹੈ ਕਿ ਮੈਨੂੰ ਮੇਰਾ ਜਵਾਬ ਮਿਲਿਆ ਨਹੀਂ।ਯਾਨਿ ਕਿ ਬਦਲਾ ਲੈਣਾ ਸਿਸਟਮ ਅੰਦਰਲਾ ਅਸਲ ਇਸ਼ਾਰਾ ਨਹੀਂ।ਇਸ਼ਾਰਾ ਇਸ ਵੱਲ ਹੈ ਕਿ ਤਮਾਮ ਵਿਤਕਰਿਆਂ.ਕਾਣੀ ਵੰਡ.ਵਖਰੇਵਿਆਂ ਤੋਂ ਪਾਰ ਹੋਕੇ ਭਾਰਤ ਅੰਦਰ ਸੰਵਿਧਾਨਕ ਲੋਕ ਰਾਜ ਦੀ ਬਹਾਲੀ ਲਈ ਪਹਿਲ ਕਰੋ ਨਹੀਂ ਤਾਂ ਪਾਨ ਸਿੰਘ ਤੋਮਰ ਆਉਂਦੇ ਰਹਿਣਗੇ ਜਾਂਦੇ ਰਹਿਣਗੇ।
 
ਦਿਬਾਕਰ ਬੈਨਰਜੀ ਦੀ ਸ਼ੰਘਾਈ ਮੌਜੂਦਾ ਸਿਆਸਤ ਅੰਦਰ ਪਸਰਿਆ ਹੋਇਆ ਉਹ ਮਿੱਠਾ ਗੁੜ ਹੈ ਜੋ ਲੋਕਾਂ ਨੂੰ ਕਿੰਨੇ ਫਰਾਂਸ.ਯੂਰੋਪ ਅਤੇ ਕੈਲੀਫੋਰਨੀਆ ਵਿਖਾਉਂਦਾ ਹੈ।ਵਿਕਾਸ ਦੀ ਅਜਿਹੀ ਸਥਾਪਤੀ ਅੰਦਰ ਹੀ ਉਜੜਨ ਦੀ ਕਹਾਣੀ ਆਰਥਿਕ ਵਖਰੇਵੇਂ ਖੱੜ੍ਹੇ ਕਰ ਰਹੀ ਹੈ ਜੋ ਸ਼ੰਘਾਈ ਸਿੱਧੇ ਅਤੇ ਸਪੱਸ਼ਟ ਢੰਗ ਨਾਲ ਬਿਆਨ ਕਰਦੀ ਹੈ।ਇਸ ਫ਼ਿਲਮ ਨੂੰ ਵੇਖਦੇ ਹੋਏ ਸਾਡਾ ਧਿਆਨ ਡਾ. ਅਹਿਮਦੀ ਦੇ ਕਥਨ ਵੱਲ ਜਾਂਦਾ ਹੈ।ਉਸ ਮੁਤਾਬਕ.“ਵਿਕਾਸ ਦੇ ਨਾਮ ‘ਤੇ ਤੁਸੀ ਇਹਨਾਂ ਲੋਕਾਂ ਨੂੰ ਇੱਥੋਂ ਕਢਵਾਕੇ 50 ਮੀਲ ਦੂਰ ਜਗ੍ਹਾ ਦੇ ਦੇਵੋਗੇ।ਫਿਰ ਆਪਣੇ ਹੀ ਘਰ ‘ਚ ਇਹਨਾਂ ਨੂੰ ਬਾਹਰ ਚੌਕੀਦਾਰਾ ਕਰਵਾਉਣ ਖੱੜ੍ਹਾ ਦੇਵੋਗੇ।ਕਿਉਂ ਕਿ ਇਹ ਲੋਕ ਅੰਗਰੇਜ਼ੀ ਨਹੀਂ ਬੋਲ ਸਕਦੇ ਤੇ ਸੱਭਿਅਕ ਹੋਣ ਲਈ ਤੁਹਾਡੀ ਬਣਾਈ ਪਰਿਭਾਸ਼ਾ ‘ਚ ਇਹ ਫਿਟ ਨਹੀਂ ਬੈਠਦੇ।” ਸ਼ੰਘਾਈ ਦਾ ਸ਼ੁਰੂਆਤੀ ਦ੍ਰਿਸ਼ ਜਿਸ ਸਲੋਮੋਸ਼ਨ ‘ਚ ਸਾਡੇ ਚਿਹਰਿਆਂ ‘ਤੇ ਕਾਲਖ ਮਲ ਰਿਹਾ ਹੈ ਉਸ ਨੂੰ ਧੌਣ ਦੀ ਹਿੰਮਤ ਆਮ ਬੰਦੇ ‘ਚ ਨਹੀਂ ਹੈ ਅਤੇ ਖੌਫਜ਼ਦਾ ਆਮ ਆਦਮੀ ਮਸੋਸਕੇ ਹੀ ਰਹਿ ਗਿਆ ਹੈ।
 
ਅਨੁਰਾਗ ਕਸ਼ਅਪ ਦੀ ਫ਼ਿਲਮ ਗੈਂਗਸ ਆਫ ਵਾਸੇਪੁਰ ਇਤਿਹਾਸ ਤੋਂ ਵਰਤਮਾਨ ਤੱਕ ਦਾ ਉਹ ਨਿਸ਼ਾਨ ਹੈ ਜੋ ਮੁਫਲਿਸੀ ‘ਚ ਵਿਚਰਦੇ ਲੋਕਾਂ ਦਾ ਆਪਣੀ ਜਾਇਦਾਦ ਤੋਂ ਖੁਸਣ ਅਤੇ ਜਗੀਰੂ ਸੱਤਾ ਦੇ ਅਧੀਨ ਸੰਘਰਸ਼ ਕਰਨ ਦੀ ਜਦੋਜਹਿਦ ਹੈ।ਇੱਕ ਬਗਲ ਮੇਂ ਚਾਂਦ ਹੋਗਾ.ਇੱਕ ਬਗਲ ਮੇਂ ਰੋਟੀਆਂ ਦਾ ਸੁਫਨਾ ਪਲਦਾ ਵਾਸੇਪੁਰ ਦਾ ਮਾਹੌਲ ਆਰਥਿਕ ਅਤੇ ਸਮਾਜਿਕ ਕਤਰਾ ਦਾ ਕੈਨਵਸ ਪੇਸ਼ ਕਰਦਾ ਹੈ।ਇਸ ਫ਼ਿਲਮ ਅੰਦਰ ਕੋਲੇ ਦਾ ਕਾਰੋਬਾਰ ਤਾਂ ਮਹਿਜ਼ ਇੱਕ ਪ੍ਰਤੀਕ ਹੈ।ਇਹ ਪਾਵਰ ਹੈ ਜਿਹਨੂੰ ਹਰ ਕੋਈ ਮਾਨਣਾ ਚਾਹੁੰਦਾ ਹੈ।ਇਹ ਮਨੁੱਖ ਦੇ ਅੰਦਰ ਸੁਲਗਦਾ ਘਾਤ ਹੈ ਜੋ ਟਾਟਾ ਬਿਰਲਿਆ ਦੇ ਕਬਜ਼ੇ ਅਧੀਨ ਆਏ ਕਾਰੋਬਾਰ ਨਾਲ ਆਪਣੀ ਜ਼ਮੀਨ ਦਾ ਹੀ ਨੌਕਰ ਬਣਨ ਤੋਂ ਪੈਦਾ ਹੋਇਆ ਹੈ।ਗੈਂਗਸ ਆਫ ਵਾਸੇਪੁਰ ਸਿਆਸਤ ਰਾਂਹੀ ਸਮਾਜ ਦੇ ਨਿਸ਼ਾਨ ਨਹੀਂ ਲੱਭਦੀ ਸਗੋਂ ਇਹ ਸਮਾਜ ਚੋਂ ਸਿਆਸਤ ਦੇ ਮਾਇਨੇ ਖੜ੍ਹੇ ਕਰਦੀ ਫ਼ਿਲਮ ਹੈ।ਇਹ ਉਸ ਬਾਲ ਮਨ ਦੀ ਕਹਾਣੀ ਹੈ ਜੋ ਆਪਣੀ ਮਾਂ ਨੂੰ ਆਪਣੇ ਦਾਦੇ ਦੀ ਉੱਮਰ ਦੇ ਆਦਮੀ ਨਾਲ ਹਮਬਿਸਤਰ ਹੁੰਦੇ ਵੇਖ ਚਿਥੜੇ ਚਿਥੜੇ ਹੋ ਚੁੱਕਾ ਹੈ।ਇਹ ਉਸ ਮਾਹੌਲ ਦਾ ਭਾਰਤ ਹੈ ਜੋ ਬਦਲਿਆਂ ਤੋਂ ਉੱਪਰ ਉੱਠ ਆਪਣੇ ਵਜੂਦ ਨੂੰ ਦਲਦਲ ਚੋਂ ਬਾਹਰ ਕੱਢਣ ਲਈ ਛਟਪਟਾ ਰਿਹਾ ਹੈ।
 
ਸ਼ੂਜੀਤ ਸਰਕਾਰ ਨਰਾਜ਼ ਹੈ ਕਿ ਈਰੋਜ਼ ਇੰਟਰਨੈਸ਼ਨਲ ਨੇ ਵਿੱਕੀ ਡੋਨਰ ਫਿਲਮ ਨੂੰ ਆਸਕਰ ਲਈ ਚੋਣ ਕਮੇਟੀ ਕੋਲ ਕਿਉਂ ਨਹੀਂ ਭੇਜਿਆ।ਵਿੱਕੀ ਡੋਨਰ ਸਿਰਫ ਕਮੇਡੀ ਫ਼ਿਲਮ ਨਹੀਂ ਹੈ ਅਤੇ ਨਾ ਹੀ ਇਹ ਸਿਰਫ ਤੇ ਸਿਰਫ ਬਾਂਝਪਨ ਦੀ ਬਿਮਾਰੀ ਬਾਰੇ ਪ੍ਰਚਾਰ ਕਰਦੀ ਫ਼ਿਲਮ ਹੈ।ਇਸ ਦੀ ਕਮੇਡੀ ਓਹਲੇ ਭਾਰਤੀ ਸਮਾਜ ਦੀ ਬਣਤਰ ਦੇ ਅਤੇ ਉਸ ਬਣਤਰ ਨਾਲ ਚੱਲਦੀਆਂ ਪ੍ਰੰਪਰਾਵਾਂ ਦੇ ਅਤੇ ਉਹਨਾਂ ਚੋਂ ਪਾਰ ਹੁੰਦੇ ਆਪਣੀ ਤਰ੍ਹਾਂ ਦਾ ਆਧੁਨਿਕ ਮਾਹੌਲ ਸਿਰਜਦੇ ਪਾਤਰਾਂ ਦੇ ਅਜ਼ਾਦ ਖ਼ਿਆਲ ਵਰਗੇ ਬਹੁਤ ਇਸ਼ਾਰੇ ਹਨ।ਫ਼ਿਲਮ ਵਿਚਲੇ ਸਿਰਫ ਤਿੰਨ ਸੰਵਾਦ ਸਾਂਝੇ ਕਰਦਾ ਹਾਂ
1-ਸਾਰੀ ਦੁਨੀਆ ਹੀ ਸਪਰਮ ਹੈ
2-ਇਨਫਰਟੀਲਿਟੀ ਦੁਨੀਆ ਦਾ ਸਭ ਤੋਂ ਵੱਡਾ ਕੈਂਸਰ ਹੈ
 
3-ਮਾਂ ਨੂੰ ਨਾ ਦੱਸੀ ਕਿ ਤੂੰ ਡਾਇਵੋਰਸੀ ਹੈ.ਟਿਪੀਕਲ ਹੈ (ਕੁਆਰਾਪਨ ਉਹ ਮੰਗ ਹੈ ਜੋ ਔਰਤ ਤੋਂ ਵਿਆਹ ਦੌਰਾਨ ਮੁੱਢਲੀ ਉਮੀਦ ਦਾ ਰੂਪ ਹੈ.ਮਰਦਾਂ ‘ਤੇ ਇਹ ਨਿਯਮ ਲਾਗੂ ਨਹੀਂ ਹੁੰਦਾ !)
ਵਿਚਾਰ ਵਟਾਂਦਰਿਆਂ ‘ਚ ਇਹ ਵੀ ਚਰਚਾ ਹੈ ਕਿ ਕੀ ਆਸਕਰ ਹੀ ਭਾਰਤੀ ਫ਼ਿਲਮਾਂ ਦੀ ਨਿਸ਼ਾਨਦੇਹੀ ਕਰੇਗਾ?ਇਸ ਤੋਂ ਬਿਨਾਂ ਕੀ ਭਾਰਤੀ ਫ਼ਿਲਮ ਇੰਡਸਟਰੀ ਦੇ ਹੋਣ ਦੇ ਕੋਈ ਮਾਇਨੇ ਨਹੀਂ ਹਨ।ਪੁਰਸਕਾਰਾਂ ਦੀ ਸਿਆਸਤ ਸਾਹਿਤ ਤੋਂ ਸਿਨੇਮਾ ਤੱਕ ਕਿਸੇ ਤੋਂ ਲੁਕੀ ਨਹੀਂ ਹੈ।ਨੋਬਲ.ਮੈਗਸੈਸੇ.ਬੁਕਰ ਤੋਂ ਲੈਕੇ ਆਸਕਰ ਤੱਕ ਹਰ ਕੌਮਾਂਤਰੀ ਪੁਰਸਕਾਰ ਅਤੇ ਭਾਰਤ ਅੰਦਰਲੇ ਕੌਮਾਂਤਰੀ ਫ਼ਿਲਮ ਪੁਰਸਕਾਰ ਤੋਂ ਲੈਕੇ ਸਾਹਿਤ ਅਕਾਦਮੀ ਪੁਰਸਕਾਰਾਂ ਅੰਦਰਲੀਆਂ ਧਾਂਧਲੀਆਂ ਕੋਈ ਲੁੱਕਵੀ ਗੱਲ ਨਹੀਂ ਰਹੀ ਹੈ।ਇਹਨਾਂ ਪੁਰਸਕਾਰਾਂ ਅੰਦਰ ਹੁੰਦੀ ਸਿਆਸਤ ਨੂੰ ਲੈ ਕੇ ਇਰਵਿੰਘ ਵੈਲੇਸ ਨੇ ਨੋਬਲ ਪੁਰਸਕਾਰਾਂ ਦੀ ਪਿਠਭੂਮੀ ‘ਤੇ ਅਧਾਰਿਤ ‘ਦੀ ਪਰਾਈਜ਼’ ਨਾਮ ਦਾ ਨਾਵਲ ਤੱਕ ਰੱਚ ਛੱਡਿਆ ਸੀ।ਇਸੇ ਨਾਵਲ ‘ਤੇ ਬਾਅਦ ‘ਚ 1963 ‘ਚ ਪਾਲ ਨਿਊਮੈਨ ਸਟਾਰਰ ਫ਼ਿਲਮ ਵੀ ਬਣੀ ਸੀ।
 
ਅਖੀਰ ‘ਚ ਦੋ ਹਵਾਲੇ ਪੁਰਸਕਾਰਾਂ ਦੇ ਸਦੰਰਭ ‘ਚ ਸਾਂਝੇ ਕਰਨੇ ਜ਼ਰੂਰੀ ਹਨ।ਕੌਮਾਂਤਰੀ ਪੁਰਸਕਾਰਾਂ ਦੌਰਾਨ ਕਹਾਣੀਕਾਰ ਗੌਰਵ ਸੌਲਾਂਕੀ ਨੂੰ ਕਿੰਝ ਸੱਮਸਿਆ ਦਰਪੇਸ਼ ਆਈਆਂ ਇਹ ਕਹਾਣੀਆਂ ਤਹਿਲਕਾ ਰਸਾਲੇ ‘ਚ ਵੇਖਣ ਯੋਗ ਹਨ।2005 ‘ਚ ਫ਼ਿਲਮ ‘ਹਮ ਤੁਮ’ ਲਈ ਸੈਫ ਅਲੀ ਖ਼ਾਨ ਨੂੰ ਸਰਵੋਤਮ ਅਦਾਕਾਰ ਦਾ ਕੌਮਾਂਤਰੀ ਪੁਰਸਕਾਰ ਨੂੰ ਲੈਕੇ ਹੋਈ ਆਲੋਚਨਾ ਦਾ ਹਵਾਲਾ ਸਾਡੇ ਸਾਹਮਣੇ ਹੈ।ਦੂਜਾ ਹਵਾਲਾ ਆਸਕਰ ਨਾਲ ਜੁੜਿਆ ਹੈ।82ਵੇ ਆਸਕਰ ਪੁਰਸਕਾਰਾਂ ‘ਚ ਸਰਵੋਤਮ ਫ਼ਿਲਮ ਲਈ ਮੁਕਾਬਲਾ ਜੇਮਸ ਕੈਮਰੂਨ ਦੀ ਫ਼ਿਲਮ ‘ਅਵਤਾਰ’ (ਜੋ ਕਿ ਅਮਰੀਕਾ ਦਾ ਨਿਜੀ ਹਿੱਤਾਂ ਦੀ ਪੂਰਤੀ ਲਈ ਕੁਦਰਤ ਨਾਲ ਖਿਲਵਾੜ ਦੇ ਤਾਨੇ ਬਾਣੇ ਦੁਆਲੇ ਬੁਣੀ ਕਹਾਣੀ ਹੈ) ਅਤੇ ਕੈਥਰੀਨ ਬਿਗਲੋ ਦੀ ਫ਼ਿਲਮ ‘ਦੀ ਹਾਰਟ ਲੋਕਰ’ (ਜੋ ਕਿ ਇਰਾਕ ‘ਚ ਅਮਰੀਕੀ ਫੌਜੀਆਂ ਦੇ ਬਲਿਦਾਨ ਅਤੇ ਬਹਾਦਰੀ ਦੀ ਗਾਥਾ ਹੈ) ਵਿਚਕਾਰ ਹੁੰਦਾ ਹੈ ਅਤੇ ਸਰਵੋਤਮ ਨਿਰਦੇਸ਼ਕ ਅਤੇ ਸਰਵੋਤਮ ਫ਼ਿਲਮ ਦਾ ਪੁਰਸਕਾਰ ਕੈਥਰੀਨ ਬਿਗਲੋ ਅਤੇ ਫ਼ਿਲਮ ‘ਦੀ ਹਾਰਟ ਲੋਕਰ’ ਨੂੰ ਮਿਲਦਾ ਹੈ।
ਇਸ ਆਰਟੀਕਲ ਤੇ ਤੁਹਾਡੀ ਟਿੱਪਣੀ